ਗੁਰਦਿਆਲ ਸਿੰਘ ਬਲ – ਭਾਰਤੀ

ਕਵੀ ਨਵਤੇਜ ਭਾਰਤੀ ਨਾਲ ਇਕ ਮੁਲਾਕਾਤ (ਲੀਲ੍ਹਾ ਬਾਰੇ)

ਸਵਾਲ: ਪੰਜਾਬੀ ਦੇ  ਪ੍ਰਮੁੱਖ ਕਵੀ ਸੁਰਜੀਤ ਪਾਤਰ ਨੇ ਅਜਮੇਰ ਰੋਡੇ ਨਾਲ ਤੁਹਾਡੇ ਸਾਂਝੇ ਕਾਵਿ ਸੰਗ੍ਰਹਿ ਨੂੰ 20ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਕਾਵਿ ਪੁਸਤਕਾਂ ਵਿਚੋਂ ਇਕ ਕਿਹਾ ਹੈ। ਹਰਿੰਦਰ ਮਹਿਬੂਬ, ਡਾ: ਗੁਰਭਗਤ ਸਿੰਘ ਅਤੇ ਕਈ ਹੋਰ ਵਿਦਵਾਨ ਸੱਜਣਾਂ ਵੱਲੋਂ ਵੀ ਕੁਝ ਇਸੇ ਕਿਸਮ ਦੇ ਵਿਚਾਰ ਪ੍ਰਗਟਾਏ ਜਾ ਰਹੇ ਹਨ। ਪੰਜਾਬੀ ਪਾਠਕ ਜਾਨਣਾ ਚਾਹੁਣਗੇ ਕਿ ਤੁਹਾਡਾ ਪਿਛੋਕੜ ਕੀ ਹੈ ਅਤੇ ਇਸ ਬਾਰੇ ਤੁਹਾਡੀ ਮੁਢਲੀ  ਪ੍ਰੇਰਨਾ ਦੇ ਸਰੋਤ ਕੌਣ ਲੋਕ ਸਨ?

ਨਵਤੇਜ ਭਾਰਤੀ: ਵੇਖੋ, ਅੱਖਰਾਂ ‘ਚ ਮੇਰੀ ਸੁਰਤ ਤਾਂ ਹੋਸ਼ ਸੰਭਾਲਣ ਦੇ ਸਮੇਂ ਤੋਂ ਹੀ ਹੈ। ਘਰ ਵਿਚ ਗਰੀਬੀ ਬਹੁਤ ਜ਼ਿਆਦਾ ਸੀ। ਪ੍ਰਾਇਮਰੀ ਸਕੂਲ ਵਿਚ ਜਾਣ ਦੀ ਸੰਭਾਵਨਾ ਵੀ ਘੱਟ ਵੱਧ ਹੀ ਲਗਦੀ ਸੀ। ਇਸ ਲਈ ਪਹਿਲੇ 4-5 ਵਰ੍ਹੇ ਮੈਂ ਗੁਰਬਾਣੀ ਰਾਹੀਂ ਗੁਰਮੁਖੀ ਦੀ ਪੜ੍ਹਾਈ ਪਿੰਡ ਵਿਚ ਗੁਰਦੁਆਰੇ ਤੋਂ ਹੀ ਕੀਤੀ ਸੀ। ਪਰ ਕਮਾਲ ਦੀ ਗੱਲ ਇਹ ਸੀ ਕਿ ਗੁਰਬਾਣੀ ਦੇ ਨਾਲ ਨਾਲ ਮੈਨੂੰ ਸਮਾਜਵਾਦੀ ਵਿਚਾਰਾਂ ਅਤੇ ਪ੍ਰੀਤਨਗਰ ਤੋਂ ਨਿਕਲਣ ਵਾਲੇ ‘ਬਾਲ ਸੰਦੇਸ਼’ ਨੂੰ ਪੜ੍ਹਨ ਦੀ ਚੇਟਕ ਵੀ ਮੁਢਲੇ ਦਿਨਾਂ ਵਿਚ ਹੀ ਲਗ ਗਈ ਸੀ।
ਸਵਾਲ:  ਰੋਡੇ ਪਿੰਡ 70ਵਿਆਂ ਵਿਚ ਨਕਸਲੀ ਕਮਿਊਨਿਸਟ ਵਿਚਾਰਧਾਰਾ ਦਾ ਕੇਂਦਰ ਬਣਿਆ ਰਿਹਾ ਸੀ ਪਰ ਤੁਹਾਡੇ ਬਚਪਨ ਦੇ ਵਕਤਾਂ ਤਕ ਇਸ ਪਿੰਡ ਦੀ ਪਛਾਣ ਜ਼ਿਆਦਾ ਅਕਾਲੀਆਂ ਦਾ ਗੜ੍ਹ ਹੋਣ ਵਜੋਂ ਹੀ ਸੀ। ਇਤਨੀ ਛੋਟੀ ਉਮਰੇ ਸਮਾਜਵਾਦੀ ਵਿਚਾਰਾਂ ਦੇ ਸੰਪਰਕ  ਵਿਚ ਆਉਣ ਦਾ ਸਬੱਬ ਕਿਵੇਂ ਬਣਿਆ।

ਨਵਤੇਜ ਭਾਰਤੀ:  ਤੁਹਾਡੀ ਗੱਲ ਠੀਕ ਹੈ। ਸਾਡਾ ਪਿੰਡ ਅਕਾਲੀਆਂ ਦਾ ਹੀ ਗੜ੍ਹ ਸੀ ਪਰ ਸੁਤੰਤਰਤਾ  ਤੋਂ ਬਾਅਦ ਪੰਜਾਬ ਵਿਚ ਸਭ ਪਾਸੇ ਕਮਿਉਨਿਸਟਾਂ ਦਾ ਵੀ ਅਸਰ ਫੈਲ ਗਿਆ ਸੀ। ਇਸ ਨੇ ਬਹੁਤ ਵਧੀਆ ਵਧੀਆ ਲੋਕਾਂ ਨੂੰ ਆਪਣੀ  ਗ੍ਰਿਫਤ ਵਿਚ ਲਿਆ ਹੋਇਆ ਸੀ। ਅਜਿਹੇ ਲੋਕ ਬਹੁਤ ਸ਼ੁਧ-ਆਦਰਸ਼ਵਾਦੀ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਤਾਂ ਉਨ੍ਹਾਂ ਦੇ ਮਨਾਂ ਵਿਚ ਕਿਸੇ ਗੂੜੇ ਵਿਸਮਾਦ ਵਾਂਗੂ ਚੜ੍ਹੀ ਹੋਈ ਸੀ। ਅਜਿਹੇ ਹੀ ਕਾਮਰੇਡਾਂ ਵਿਚ ਮੇਰਾ ਮਾਮਾ ਸਾਧੂ ਸਿੰਘ ਤਾਲਿਬ ਵੀ ਸ਼ਾਮਲ ਸੀ। ਉਹ ਕਮਿਊਨਿਸਟ ਵੀ ਸੀ, ਪ੍ਰੀਤਲੜੀ ਦਾ ਪ੍ਰਸੰਸਕ ਵੀ ਸੀ, ਕਵੀ ਵੀ ਸੀ ਅਤੇ ਗੁਰਦੁਆਰੇ ਦਾ ਗ੍ਰੰਥੀ ਵੀ ਸੀ। ਉਸਦਾ ਸਾਡੇ ਘਰ ਬਹੁਤ ਆਉਣ ਜਾਣ ਸੀ। ਮੇਰੇ ਤੇ ਪਹਿਲਾ ਸਾਹਿਤਕ ਅਸਰ ਉਸੇ ਦਾ ਹੀ ਸੀ। ਮੈਂ ਉਸ ਸਮੇਂ ਚੌਥੀ ਜਮਾਤ ਵਿਚ ਹੀ ਸਾਂ ਜਦੋਂ ਉਸਨੇ ਮੈਨੂੰ ‘ਬਾਲ ਸੰਦੇਸ਼’ ਰਿਸਾਲਾ ਲਗਵਾ ਦਿਤਾ ਸੀ। ਮੇਰੀ ਪਹਿਲੀ ਕਵਿਤਾ ਬਾਲ ਸੰਦੇਸ਼ ਵਿਚ ਹੀ ਚੰਨ ਹੋਰਾਂ ਵੱਲੋਂ ਦਿਤੇ ਮਜ਼ਮੂਨ ‘ਅਮਨ ਅਸਾਡਾ ਨਾਅਰਾ ਹੈ’ ਨੂੰ ਅਧਾਰ ਬਣਾਉਂਦਿਆਂ ਛਪੀ ਸੀ ਅਤੇ ਅੱਠਵੀਂ ਜਮਾਤ ਤਕ ਜਾਂਦਿਆਂ ਮੇਰੀ ਪਹਿਲੀ ਕਵਿਤਾ ‘ਪ੍ਰੀਤਲੜੀ’ ਵਿਚ ਵੀ ਪ੍ਰਕਾਸ਼ਤ ਹੋ ਗਈ ਸੀ। ਫਿਰ ਮਾਮੇ ਜਿੰਨਾ ਹੀ ਵੱਡਾ ਇਕ ਹੋਰ ਮੁਢਲਾ ਪ੍ਰਭਾਵ ਮਾਸਟਰ ਨਿਰੰਜਣ ਸਿੰਘ ਹੋਰਾਂ ਦਾ ਵੀ ਸੀ ਜੋ ਕਿ 7ਵੀਂ ਅਤੇ 8ਵੀਂ ਜਮਾਤ ਵਿਚ ਮੇਰੇ ਗੁਰੂਆਂ ਵਰਗੇ ਅਧਿਆਪਕ ਸਨ।

ਸਵਾਲ:  ਘਰ ਵਿਚ ਜੇ ਏਨੀ ਹੀ ਗਰੀਬੀ ਸੀ ਤਾਂ ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਦੇ ਵੱਡੇ ਕਾਲਜਾਂ ਵਿਚ ਪੜ੍ਹਨ ਦਾ ਜੁਗਾੜ ਕਿਵੇਂ ਬਣਿਆ?

ਨਵਤੇਜ ਭਾਰਤੀ:  ਲੁਧਿਆਣਾ ਗੌਰਮਿੰਟ ਕਾਲਜ ਵਿਚ ਪੜ੍ਹਨ ਦੀ ਪ੍ਰੇਰਨਾ ਵੀ ਮਾਸਟਰ ਨਿਰੰਜਨ ਸਿੰਘ ਹੋਰਾਂ ਨੇ ਹੀ ਦਿੱਤੀ ਸੀ। ਦੂਜੀ ਪ੍ਰੇਰਨਾ ਇਸ ਸੰਬੰਧ ਵਿਚ ਸਾਡੇ ਪਿਤਾ ਜੀ ਸਨ। ਉਹ ਆਪ ਅਨਪੜ੍ਹ ਸਨ ਪਰ ਉਨ੍ਹਾਂ ਦੇ ਮਨ ਵਿਚ ਸੀ ਕਿ ਉਨ੍ਹਾਂ ਦੇ ਧੀਆਂ ਪੁਤਰ ਵੱਧ ਤੋਂ ਵੱਧ ਗਿਆਨ ਹਾਸਲ ਕਰਨ, ਬੇਸ਼ਕ ਉਨ੍ਹਾਂ ਨੂੰ ਦਿਨੇ ਰਾਤ ਫਾਹੇ ਟੰਗਿਆਂ ਮੁਸ਼ਕੱਤ ਵੀ ਕਿਉਂ ਨਾ ਕਰਨੀ ਪਏ।

ਸਵਾਲ: ਪਟਿਆਲਾ ਸ਼ਹਿਰ ਅਤੇ ਇਥੋਂ ਦੀ ‘ਭੂਤਮੰਡਲੀ’ ਦਾ ਤੁਹਾਡੇ ਵਿਚਾਰਧਾਰਕ ਸਾਹਿਤਕ ਜੀਵਨ ਵਿਚ ਅਹਿਮ ਸਥਾਨ ਹੈ। ਲੁਧਿਆਣੇ ਪੜ੍ਹਦਿਆਂ ਪਟਿਆਲਾ ਆਉਣ ਦਾ ਸਬੱਬ ਕਿਵੇਂ ਬਣਿਆ।

ਨਵਤੇਜ ਭਾਰਤੀ:  ਉਹ ਵੀ ਰੋਡਿਆਂ ਤੋਂ ਲੁਧਿਆਣਾ ਆਉਣ ਵਾਂਗ ਹੀ ਸੀ। ਮੈਨੂੰ ਕਿਸੇ ਨੇ ਕਿਹਾ  ਕਿ ਤੈਨੂੰ ਕਵਿਤਾ ਲਿਖਣ ਦਾ ਸ਼ੌਕ ਹੈ ਸੋ ਮਹਿੰਦਰਾ ਕਾਲਜ ਪਟਿਆਲਾ ਚਲਿਆ ਜਾ। ਪਟਿਆਲੇ ਲਈ ਰਵਾਨਗੀ ਪਾਉਣ ਤੋਂ ਪਹਿਲਾਂ ਮੈਨੂੰ ਇਕ ਪੱਤਰ ਵਿਚ ਕੁਲਦੀਪ ਸਿੰਘ ਨੇ ਕੁਲਵੰਤ ਸਿੰਘ ਗਰੇਵਾਲ ਅਤੇ ਸੁਧੀਰ ਕੁਮਾਰ ਨਾਜ਼ ਨੂੰ ਮਿਲਣ ਦੀ ਵਿਸ਼ੇਸ਼ ਤਾਗੀਦ ਕਰ ਦਿਤੀ। ਉਹ ਦੋਵੇਂ ਹੀ ਉਨ੍ਹੀਂ ਦਿਨੀਂ ਉਥੇ ਮਹਿੰਦਰਾ ਕਾਲਜ ਦੇ ਵਿਦਿਆਰਥੀ ਸਨ ਅਤੇ ਸਭ ਤੋਂ ਵੱਧ ਸੰਵੇਦਨਸ਼ੀਲ ਨਵੇਂ ਉਭਰਦੇ ਕਵੀ ਸਨ। ਕੁਲਦੀਪ ਨੇਂ ਹੀ ਉਸ ਸਮੇਂ ਪਟਿਆਲੇ ਤੋਂ ਨਿਕਲਦੇ ‘ਜੀਵਨ ਪ੍ਰੀਤੀ’ ਰਿਸਾਲੇ ਦਾ ਐਡਰੈਸ ਦਿੱਤਾ ਸੀ। ਮੈਂ ਮਹਿੰਦਰਾ ਕਾਲਜ ਵਿਚ ਦਾਖ਼ਲ ਹੋਇਆ ਅਤੇ ਜਾਂਦਿਆਂ ਹੀ ਉਸ ਰਿਸਾਲੇ ਲਈ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਾਕੀ ਪਿਛਲੇ ਕੁਝ ਵਰ੍ਹਿਆਂ ਦੌਰਾਨ ਹਰਿੰਦਰ ਮਹਿਬੂਬ ਅਤੇ ਗੁਰਭਗਤ ਸਿੰਘ ਦੀ ਸਾਹਿਤਕ ਹਲਕਿਆਂ ਵਿਚ ਚਰਚਾ ਹੋਣ ਕਾਰਨ ‘ਭੂਤਵਾੜੇ’ ਦਾ ਚਰਚਾ ਕੁਝ ਜ਼ਿਆਦਾ ਹੀ ਹੁੰਦਾ ਰਿਹਾ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭੂਤਵਾੜੇ ਵਾਲੇ ਲੋਕਾਂ ਨੂੰ ਤਿਆਰ ਕਰਨ ਵਿਚ ਬਹੁਤ ਅਹਿਮ ਭੂਮਿਕਾ ਅੰਗਰੇਜ਼ੀ ਦੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਪ੍ਰੋਫੈਸਰ ਰਾਜ਼ਦਾਨ ਹੋਰਾਂ ਦੀ ਸੀ। ਉਹ ਕਾਲਜ ਵਿਚ ਹਰ ਮਹੀਨੇ ਕਵਿਤਾ ਪਾਠ ਕਰਵਾਉਂਦੇ ਹੁੰਦੇ ਸਨ ਅਤੇ ਅਜਿਹੀ ਪਹਿਲੀ ਮੀਟਿੰਗ ਵਿਚ ਹੀ ਮੇਰਾ ਪ੍ਰੇਮ ਪਾਲੀ ਅਤੇ ਅਮਰਜੀਤ ਸਾਥੀ ਨਾਲ ਵੀ ਸੰਪਰਕ ਹੋ ਗਿਆ ਸੀ। ਇਹੋ ਲੋਕ ਚਾਰ ਪੰਜ ਵਰ੍ਹੇ ਪਿੱਛੋਂ ਜਾ ਕੇ ਭੂਤਵਾੜੇ ਦੀਆਂ ਮਹਿਫਲਾਂ ਦੀ ਜਿੰਦਜਾਨ ਬਣੇ ਸਨ। ਹਰਿੰਦਰ ਸਿੰਘ ਮਹਿਬੂਬ ਅਤੇ ਕ੍ਰਿਸ਼ਨ ਅਸ਼ਾਂਤ ਵੀ ਮੈਨੂੰ ਉਥੇ ਹੀ ਪਹਿਲੀ ਵਾਰ ਟੱਕਰੇ ਸਨ।

ਸਵਾਲ:  ‘ਭੂਤਵਾੜਾ’ ਦੇ ਦੌਰ ਵਿਚ ਤੁਹਾਡੀ ਸਭ ਤੋਂ ਵੱਧ ਨੇੜਤਾ ਕਿਸ ਨਾਲ ਸੀ ਅਤੇ ਤੁਹਾਡੇ ਰੂਹਾਨੀ ਵਿਕਾਸ ਤੇ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਪਿਆ?

ਨਵਤੇਜ ਭਾਰਤੀ:  ਉਨ੍ਹਾਂ ਦੋਸਤਾਂ ਵਿਚੋਂ ਮੇਰੀ ਸਭ ਤੋਂ ਵੱਧ ਨੇੜਤਾ ਤਾਂ ਹਰਿੰਦਰ ਮਹਿਬੂਬ ਨਾਲ ਸੀ ਅਤੇ ਇਤਨੀ ਦੂਰ ਦੂਰ ਬੈਠਿਆਂ ਹੋਣ ਦੇ ਬਾਵਜੂਦ ਅੱਜ ਵੀ ਹੈ ਪਰ ਮੇਰੀ ਆਤਮਾ ਦੇ ਵਿਕਾਸ ਦਾ ਸਭ ਤੋਂ ਵੱਧ ਅਸਰ ਲਾਲੀ ਦੇ ਪ੍ਰਵਚਨਾਂ ਦਾ ਹੀ ਪਿਆ ਸੀ।

ਸਵਾਲ: ਕਹਿੰਦੇ ਹਨ ਕਿ ਤੁਸੀਂ ਲੰਮਾ ਸਮਾਂ ਕਵਿਤਾ ਲਿਖਣੀ ਛੱਡ ਰੱਖੀ ਸੀ। ਇਸ ਦਾ ਕੀ ਕਾਰਨ ਸੀ ਅਤੇ ਲੁਧਿਆਣਾ ਕਾਲਜ ਵਿਚ ਨੌਕਰੀ ਮਿਲ ਜਾਣ ਦੇ ਬਾਵਜੂਦ ਪੰਜਾਬ ਨੂੰ ਛੱਡ ਕੇ ਕੈਨੇਡਾ ਜਾਣ ਦਾ ਮਨ ਕਿਉਂ ਬਣਾਇਆ।

ਨਵਤੇਜ ਭਾਰਤੀ:  ਕਵਿਤਾ ਵਾਲਾ ਸਵਾਲ ਤੂੰ ਬੜਾ ਸਹੀ ਪੁੱਛਿਆ ਹੈ। ਤੈਨੂੰ ਹੈਰਾਨੀ ਹੋਵੇਗੀ ਕਿ ਮੇਰੇ ਸਿਰਜਣਾਤਮਕ ਅਮਲ ਪਿੱਛੇ ਬੜੀ ਵੱਡੀ ਪ੍ਰੇਰਨਾ ਲਾਲੀ ਹੀ ਹੈ ਅਤੇ ਕਵਿਤਾ ਲਿਖਣੀ ਛੱਡਣ ਪਿੱਛੇ ਪ੍ਰੇਰਨਾ ਵੀ ਸ਼ਾਇਦ ਲਾਲੀ ਹੀ ਸੀ। ਮੈਂ ਲਾਲੀ ਹੋਰਾਂ ਨੂੰ ਮਿਲਣ ਤੋਂ ਛੇਤੀ ਹੀ ਬਾਅਦ ਸਨ 1962 ‘ਚ ਕਵਿਤਾ ਲਿਖਣੀ ਛੱਡ ਦਿਤੀ ਸੀ। ਕਾਰਨ ਇਹ ਸੀ ਕਿ ਉਨ੍ਹੀਂ ਦਿਨੀਂ ਅੰਮ੍ਰਿਤਾ ਪ੍ਰੀਤਮ-ਮੋਹਨ ਸਿੰਘ ਨਾਲ ਸੰਬੰਧਤ ਕਵਿਤਾ ਦੀ ਧਾਰਾ ਤਾਂ ਰੋਮਾਂਟਿਕ ਪ੍ਰਗਤੀਵਾਦੀ ਸੀ ਜਦੋਂ ਕਿ ਦੂਸਰੇ ਪਾਸੇ ਪਰਯੋਗਵਾਦੀ ਉਭਰ ਰਹੇ ਸਨ। ਇਨ੍ਹਾਂ ਦੋਵਾਂ ਧਾਰਾਵਾਂ ਦੇ ਸਮਵਿੱਥ ਸ਼ਿਵ ਕੁਮਾਰ ਦੀ ਚੜ੍ਹਤ ਵੀ ਬਹੁਤ ਤੇਜ਼ੀ ਨਾਲ ਹੋ ਰਹੀ ਸੀ। ਮੇਰੀ ਦਿੱਕਤ ਇਹ ਸੀ ਕਿ ਮੈਨੂੰ ਇਨ੍ਹਾਂ ਤਿੰਨਾਂ ਹੀ ਧਾਰਾਵਾਂ ਦਾ ਕਾਵਿ ਮੁਹਾਵਰਾ ਮਨਜ਼ੂਰ ਨਹੀਂ ਸੀ। ਰਹੀ ਗੱਲ ਨੌਕਰੀ ਮਿਲਣ ਦੇ ਬਾਵਜੂਦ ਕੈਨੇਡਾ ਜਾਣ ਦੀ, ਉਸ ਪਿੱਛੇ ਦੁਨੀਆਂ ਭਰ ਦੇ ਸੁਹੱਪਣ ਨੂੰ ਆਪਣੇ ਅਨੁਭਵ ਦਾ ਹਿੱਸਾ ਬਣਾਉਣ ਦੀ ਝਲਕ ਹੀ ਸੀ।

ਸਵਾਲ: ‘ਲੀਲ੍ਹਾ’ ਦੀਆਂ ਨਜ਼ਮਾਂ ਪੜ੍ਹਦਿਆਂ ਤੁਹਾਡੇ ਅਤੇ ਅਜਮੇਰ ਦੇ ਸੰਵੇਦਨ ਵਿਚ ਅੰਤਰ ਨਜ਼ਰ ਆ ਜਾਂਦਾ ਹੈ।

ਨਵਤੇਜ ਭਾਰਤੀ:  ਹਾਂ ਸਾਡੀਆਂ ਕਵਿਤਾਵਾਂ ਵਿਚ ਸੰਵੇਦਨਾ ਦੇ ਪੱਧਰ ਤੇ ਅੰਤਰ ਹੋ ਸਕਦਾ ਹੈ। ਦੋ ਵੱਖ ਵੱਖ ਵਿਅਕਤੀਆਂ ਵਿਚ ਅਜਿਹਾ ਹੋਣਾ ਵੀ ਚਾਹੀਦਾ ਹੈ ਪਰ ਮੇਰਾ ਵਿਸ਼ਵਾਸ਼ ਹੈ ਕਿ ਇਨ੍ਹਾਂ ਕਵਿਤਾਵਾਂ ਵਿਚ ਅੰਤਰ ਨਾਲੋਂ ਸਾਂਝ ਦਾ ਪੱਖ ਜ਼ਿਆਦਾ ਭਾਰੂ ਹੈ। ਅਸੀਂ ਦੋਵੇਂ ਭਰਾ ਮਹਿਸੂਸ ਕਰਦੇ ਹਾਂ ਕਿ ਸਾਡੀਆਂ ਕਵਿਤਾਵਾਂ ਪੰਜਾਬੀਆਂ ਦੀ ਸੁਰਤ ਵਿਚ ਜੇ ਕਰ ਸਿੱਧੇ-ਅਸਿੱਧੇ ਤੌਰ ਤੇ ਬਹੁਤ ਮਾਮੂਲੀ ਜਿਹਾ ਹੀ ਫਰਕ ਪਾ ਦੇਣ ਤਾਂ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੋਵੇਗੀ।