ਏਸ਼ੀਅਨ ਕਲਚਰਲ ਸੋਸਾਇਟੀ ਲੰਡਨ

ਲੀਲ੍ਹਾ ਬਾਰੇ

ਬੀਤੇ ਦਿਨੀਂ ਏਸ਼ੀਅਨ ਕਲਚਰਲ ਸੁਸਾਇਟੀ ਸਾਊਥਾਲ ਵੱਲੋਂ ਪੰਜਾਬੀ ਦੇ ਸ਼ਾਇਰ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੇ ਸਨਮਾਨ ਵਿਚ ਇਕ ਸਮਾਰੋਹ ਦਾ ਇੰਤਜ਼ਾਮ ਕੀਤਾ ਗਿਆ।

ਸਭ ਤੋਂ ਪਹਿਲਾਂ ਇਨ੍ਹਾਂ ਦੋਵਾਂ ਲੇਖਕਾਂ ਨੇ ਆਪਣੀ ਇੰਡੀਆ ਫੇਰੀ ਦੇ ਤਜ਼ਰਬੇ ਹਾਜ਼ਰ ਲੇਖਕਾਂ ਅੱਗੇ ਰੱਖੇ। ਫਿਰ ਮਿੱਤਰਾਂ ਦੀ ਫੁਰਮਾਇਸ਼ ਤੇ ਸ਼ਾਇਰਾਂ ਨੇ ਸਾਂਝੇ ਤੌਰ ਤੇ ਛਪੀ ਆਪਣੀ ਕਿਤਾਬ ਲੀਲ੍ਹਾ ਵਿਚੋਂ ਕਵਿਤਾਵਾਂ ਸੁਣਾਈਆਂ। ਪਹਿਲਾਂ ਨਵਤੇਜ ਭਾਰਤੀ ਨੇ ਆਪਣੀਆਂ ਕੁਝ ਲੰਬੀਆਂ ਤੇ ਕੁਝ ਨਿੱਕੀਆਂ ਕਵਿਤਾਵਾਂ ਪੜ੍ਹੀਆਂ। ਫਿਰ ਅਜਮੇਰ ਰੋਡੇ ਦੀ ਵਾਰੀ ਸੀ ਪਰ ਉਹ ਸਿਹਤਯਾਬ ਨਹੀਂ ਸਨ, ਇਸ ਲਈ ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਨਵਤੇਜ ਭਾਰਤੀ ਨੇ ਹੀ ਪੜ੍ਹੀਆਂ। ਕਵਿਤਾਵਾਂ ਨੂੰ ਅਤੇ ਭਾਰਤੀ ਦੇ ਪੜ੍ਹਨ ਦੇ ਅੰਦਾਜ਼ ਨੂੰ ਬਹੁਤ ਸਰਾਹਿਆ ਗਿਆ।

ਕਵਿਤਾ ਪਾਠ ਤੋਂ ਬਾਅਦ ਸ਼ਾਇਰਾਂ ਪਾਸੋਂ ਉਨ੍ਹਾਂ ਦੀ ਕਲਾ ਅਤੇ ਸਾਹਿਤ ਦੇ ਸਮੁੱਚ ਬਾਰੇ ਸਵਾਲ ਪੁੱਛੇ ਗਏ। ਸਵਾਲਾਤ ਦਾ ਦੌਰ ਅਵਤਾਰ ਜੰਡਿਆਲਵੀ ਨੇ ਸੁੰਰੂ ਕੀਤਾ। ਇਹ ਪੁਛਦਿਆਂ ਕਿ ਕੀ ਲੇਖਕ ਨਿੱਜ ਲਈ ਲਿਖਦਾ ਹੈ? ਨਵਤੇਜ ਭਾਰਤੀ ਨੇ ਕਿਹਾ ਕਿ ਲੇਖਕ ਆਪਣਾ ਨਿਜ ਹੋਰਾਂ ਨਾਲ ਵੰਡਾਉਣ ਲਈ ਲਿਖਦਾ ਹੈ। ਇੰਜ ਹੀ ਸੁਰਿੰਦਰ ਸੀਹਰਾ ਨੇ ਕਵਿਤਾ ਅਤੇ ਮਿਥ ਬਾਰੇ ਸਵਾਲ ਪੁੱਛੇ। ਇਨ੍ਹਾਂ ਤੋਂ ਬਿਨਾ ਸਾਥੀ ਲੁਧਿਆਣਵੀ, ਪ੍ਰੀਤਮ ਕੈਂਬੋ, ਸੰਤੋਖ ਸਿੰਘ ਸੰਤੋਖ, ਮਜ਼ਹਰ ਤਿਰਮਜ਼ੀ, ਅਮੀਨ ਮੁਗ਼ਲ, ਅਤੇ ਹਰਜੀਤ ਅਟਵਾਲ ਨੇ ਬਹਿਸ ਵਿਚ ਹਿੱਸਾ ਲਿਆ। ਇਸ ਵਿਚ ਅਵਤਾਰ ਜੰਡਿਆਲਵੀ, ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਸੁਰਿੰਦਰ ਸੀਹਰਾ, ਦਰਸੰਨ ਬੁਲੰਦਵੀ, ਮਜ਼ਹਰ ਤਿਰਮਜ਼ੀ, ਭੂਪਿੰਦਰ ਪੁਰੇਵਾਲ, ਬਲਵਿੰਦਰ ਮਠਾਰੂ, ਅਤੇ ਗੁਰਨਾਮ ਗਿੱਲ ਵਰਗੇ ਕਵੀਆਂ ਨੇ ਆਪਣੇ ਤਾਜ਼ਾ ਕਲਾਮ ਸੁਣਾਏ।

ਇਸ ਮੌਕੇ ਤੇ ਮਹਿਮਾਨ ਸ਼ਾਇਰਾਂ ਦੀ ਸਾਂਝੇ ਤੌਰ ਤੇ ਛਪੀ ਵੱਡ ਅਕਾਰੀ ਕਿਤਾਬ ‘ਲੀਲ੍ਹਾ’ ਹਾਜ਼ਰ ਲੇਖਕਾਂ ਵੱਲੋਂ ਸਮੂਹਕ ਤੌਰ ਤੇ ਰਿਲੀਜ਼ ਕੀਤੀ ਗਈ। ਮਹਿਮਾਨਾਂ ਨੇ ਇਸ ਕਿਤਾਬ ਦੀ ਇਕ ਪਰਤੀ, ਸੰਪਾਦਕ ਸ਼ਬਦ, ਹਰਜੀਤ ਅਟਵਾਲ ਨੂੰ ਭੇਟ ਕੀਤੀ। ਇਸ ਗੰਭੀਰ ਮਹਿਫਲ ‘ਚ ਮਿਸਜ਼ ਜੰਡਿਆਲਵੀ, ਨੇਕ, ਰੀਝਾਂ, ਪੱਪੂ ਪਪੀਹਾ ਅਤੇ ਅਮਰਜੀਤ ਸਿੰਘ ਵੀ ਹਾਜ਼ਰ ਸਨ। ਸਵਰਨ ਚੰਦਨ ਸਿਹਤ ਠੀਕ ਨਾ ਹੋਣ ਕਰਕੇ ਸ਼ਿਰਕਤ ਨਾ ਕਰ ਸਕੇ।